ਇਕ ਸਾਲ ਵਿਚ ਬਾਈਬਲ ਅਕਤੂਬਰ 3ਯਸਾਯਾਹ 57:1-211. ਧਰਮੀ ਨਾਸ ਹੁੰਦਾ ਪਰ ਕੋਈ ਏਹ ਦਿਲ ਤੇ ਨਹੀਂ ਲਿਆਉਂਦਾ, ਸੰਤ ਜਨ ਲਏ ਜਾਂਦੇ ਪਰ ਕੋਈ ਸੋਚਦਾ ਨਹੀਂ ਭਈ ਧਰਮੀ ਬਿਪਤਾ ਦੇ ਅੱਗੋਂ ਲਿਆ ਜਾਂਦਾ ਹੈ।2. ਉਹ ਸ਼ਾਂਤੀ ਵਿੱਚ ਜਾਂਦਾ, ਓਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ, ਜਿਹੜੇ ਸਿੱਧੇ ਚੱਲਦੇ ਹਨ।3. ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤ੍ਰੋ, ਜ਼ਨਾਹਕਾਰ ਅਤੇ ਕੰਜਰੀ ਦੀ ਵੰਸ!4. ਤੁਸੀਂ ਕਿਹ ਦੇ ਉੱਤੇ ਮਖੌਲ ਕਰਦੇ ਹੋ? ਕਿਹ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਭਲਾ, ਤੁਸੀਂ ਅਪਰਾਧ ਦੇ ਬੱਚੇ, ਛਲ ਦੀ ਵੰਸ ਨਹੀਂ?5. ਤੁਸੀਂ ਜਿਹੜੇ ਬਲੂਤਾਂ ਵਿੱਚ, ਹਰ ਹਰੇ ਰੁੱਖ ਦੇ ਹੇਠ ਕਾਮ ਵਿੱਚ ਸੜਦੇ ਹੋ? ਜਿਹੜੇ ਵਾਦੀਆਂ ਵਿੱਚ ਪੱਥਰਾਂ ਦੀਆਂ ਖੋੜਾਂ ਹੇਠ ਬੱਚਿਆਂ ਦੇ ਵੱਢਣ ਵਾਲੇ ਹੋ!6. ਵਾਦੀ ਦੇ ਪੱਧਰੇ ਪੱਥਰਾਂ ਵਿੱਚ ਤੇਰਾ ਹਿੱਸਾ ਹੈ, ਏਹ, ਏਹ ਤੇਰਾ ਗੁਣਾ ਹੈ! ਏਹਨਾਂ ਲਈ ਹੀ ਤੈਂ ਪੀਂਣ ਦੀ ਭੇਟ ਡੋਹਲੀ, ਤੈਂ ਮੈਦੇ ਦੀ ਭੇਟ ਚੜ੍ਹਾਈ, ਕੀ ਏਹਨਾਂ ਦੇ ਕਾਰਨ ਮੇਰਾ ਦਿਲ ਠੰਡਾ ਹੋ ਜਾਵੇਗਾ?7. ਇੱਕ ਉੱਚੇ ਤੇ ਬੁਲੰਦ ਪਹਾੜ ਉੱਤੇ ਤੈਂ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ।8. ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੈਂ ਆਪਣੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੈਂ ਓਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਓਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ!9. ਤੂੰ ਤੇਲ ਲਾ ਕੇ ਮਲਕ ਦੇਵ ਕੋਲ ਗਈ, ਤੈਂ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੈਂ ਆਪਣੇ ਵਿਚੋਲੇ ਦੂਰ ਦੂਰ ਘੱਲੇ, ਤੈਂ ਆਪ ਨੂੰ ਪਤਾਲ ਤੀਕ ਅੱਝਾ ਕੀਤਾ!10. ਤੂੰ ਆਪਣੇ ਸਫਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੈਂ ਨਾ ਆਖਿਆ, ਕੋਈ ਆਸ ਨਹੀਂ, ਤੇਰੀ ਜਾਨ ਵਿੱਚ ਜਾਨ ਆਈ, ਏਸ ਲਈ ਤੂੰ ਹੁੱਸੀ ਨਾ।।11. ਤੂੰ ਕਿਹ ਤੋਂ ਝਕੀ ਅਰ ਡਰੀ, ਭਈ ਤੂੰ ਝੂਠ ਬੋਲੀ ਅਤੇ ਮੈਨੂੰ ਚੇਤੇ ਨਾ ਕੀਤਾ, ਨਾ ਆਪਣੇ ਦਿਲ ਉੱਤੇ ਰੱਖਿਆ? ਕੀ ਮੈਂ ਚਰੋਕਣਾ ਚੁੱਪ ਨਹੀਂ ਰਿਹਾ? ਪਰ ਤੂੰ ਮੈਥੋਂ ਨਾ ਡਰੀ।12. ਮੈਂ ਤੇਰੇ ਧਰਮ ਨੂੰ ਦੱਸਾਂਗਾ, ਪਰ ਤੇਰੇ ਕੰਮ! — ਓਹ ਤੈਨੂੰ ਕੁਝ ਲਾਭ ਨਹੀਂ ਪੁਚਾਉਣਗੇ।13. ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਲੈ ਜਾਵੇਗੀ, ਅਤੇ ਸਾਹ ਉਨ੍ਹਾਂ ਨੂੰ ਲੈ ਜਾਵੇਗਾ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਓਹ ਧਰਤੀ ਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤ੍ਰ ਪਹਾੜ ਦਾ ਅਧਿਕਾਰੀ ਹੋਵੇਗਾ।।14. ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ! ਰਾਹ ਸਾਫ਼ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਰੁਕਾਵਟ ਚੁੱਕ ਸੁੱਟੋ!15. ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਉਂ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤ੍ਰ ਅਸਥਾਨ ਵਿੱਚ ਵੱਸਦਾ ਹਾਂ, ਉਹ ਦੇ ਨਾਲ ਵੀ ਜਿਹ ਦਾ ਆਤਮਾ ਕੁਚਲਿਆ ਤੇ ਅੱਝਾ ਹੈ, ਭਈ ਮੈਂ ਅੱਝਿਆਂ ਦੇ ਆਤਮਾ ਨੂੰ ਜਿਵਾਵਾਂ, ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ।16. ਮੈਂ ਸਦਾ ਤਾਂ ਨਾ ਝਗੜਾਂਗਾ, ਨਾ ਹਮੇਸ਼ਾ ਕੋਪਵਾਨ ਰਹਾਂਗਾ, ਕਿਉਂ ਜੋ ਆਤਮਾ ਮੇਰੇ ਹਜ਼ੂਰੋਂ ਨਢਾਲ ਹੋ ਜਾਂਦਾ, ਨਾਲੇ ਪ੍ਰਾਣ ਜਿਨ੍ਹਾਂ ਨੂੰ ਮੈਂ ਬਣਾਇਆ।।17. ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕੋਪਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕੋਪਵਾਨ ਹੋਇਆ, ਪਰ ਉਹ ਆਪਣੇ ਮਨ ਦੇ ਰਾਹ ਵਿੱਚ ਪਿੱਛੇ ਹਟਦਾ ਜਾਂਦਾ ਸੀ।18. ਮੈਂ ਉਸ ਦੇ ਰਾਹ ਵੇਖੇ ਅਤੇ ਮੈਂ ਉਹ ਨੂੰ ਚੰਗਾ ਕਰਾਂਗਾ, ਮੈਂ ਉਹ ਦੀ ਅਗਵਾਈ ਕਰਾਂਗਾ, ਅਤੇ ਉਹ ਨੂੰ ਅਰ ਉਹ ਦੇ ਦਰਦੀਆਂ ਨੂੰ ਤਸੱਲੀਆਂ ਬਖ਼ਸ਼ਾਂਗਾ।19. ਮੈਂ ਬੁੱਲ੍ਹਾਂ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਰ ਨੇੜੇ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ।20. ਦੁਸ਼ਟ ਉੱਛਲਦੇ ਸਮੁੰਦਰ ਵਾਂਙੁ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸੱਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ21. ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।।ਯਸਾਯਾਹ 58:1-141. ਸੰਘ ਅੱਡ ਕੇ ਪੁਕਾਰ, ਸਰਫਾ ਨਾ ਕਰ, ਤੁਰੀ ਵਾਂਙੁ ਆਪਣੀ ਅਵਾਜ਼ ਉੱਚੀ ਕਰ! ਮੇਰੀ ਪਰਜਾ ਲਈ ਓਹਨਾਂ ਦੇ ਅਪਰਾਧ, ਅਤੇ ਯਾਕੂਬ ਦੇ ਘਰਾਣੇ ਲਈ ਓਹਨਾਂ ਦੇ ਪਾਪ ਦੱਸ!2. ਓਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ, ਅਤੇ ਮੇਰੇ ਰਾਹ ਸਿਆਨਣ ਵਿੱਚ ਖੁਸ਼ ਹੁੰਦੇ ਹਨ, ਇੱਕ ਕੌਮ ਵਾਂਙੁ ਜਿਹ ਨੇ ਧਰਮ ਕਮਾਇਆ, ਅਤੇ ਆਪਣੇ ਪਰਮੇਸ਼ੁਰ ਦੇ ਹੁਕਮ-ਨਾਮੇ ਨੂੰ ਨਹੀਂ ਤਿਆਗਿਆ, ਓਹ ਧਰਮ ਦੇ ਨਿਆਉਂ ਮੈਥੋਂ ਪੁੱਛਦੇ ਹਨ, ਓਹ ਪਰਮੇਸ਼ੁਰ ਦੇ ਨੇੜੇ ਹੋਣ ਵਿੱਚ ਖੁਸ਼ ਹੁੰਦੇ ਹਨ।।3. ਅਸਾਂ ਕਿਉਂ ਵਰਤ ਰੱਖਿਆ ਅਤੇ ਤੂੰ ਵੇਖਦਾ ਨਹੀਂ? ਅਸਾਂ ਕਿਉਂ ਆਪਣੀਆਂ ਜਾਨਾਂ ਨੂੰ ਦੁਖ ਦਿੱਤਾ ਅਤੇ ਤੂੰ ਖਿਆਲ ਨਹੀਂ ਕਰਦਾ? ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ, ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ।4. ਵੇਖੋ, ਤੁਸੀਂ ਝਗੜੇ ਰਗੜੇ ਲਈ, ਅਤੇ ਬੁਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ, ਅੱਜ ਜਿਹੇ ਵਰਤ ਰੱਖਣ ਨਾਲ, ਤੁਸੀਂ ਆਪਣੀ ਅਵਾਜ਼ ਉੱਚਿਆਈ ਤੋਂ ਨਹੀਂ ਸੁਣਾਓਗੇ।5. ਭਲਾ, ਏਹ ਇਹੋ ਜਿਹਾ ਵਰਤ ਹੈ ਜਿਹ ਨੂੰ ਮੈਂ ਚੁਣਾਂ, ਇੱਕ ਦਿਨ ਜਿਹ ਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁਖ ਦੇਵੇ? ਭਲਾ, ਉਹ ਕਾਨੇ ਵਾਂਙੁ ਆਪਣਾ ਸਿਰ ਝੁਕਾਵੇ, ਅਤੇ ਤੱਪੜ ਅਤੇ ਸੁਆਹ ਵਿਛਾਵੇਂ? ਭਲਾ, ਤੂੰ ਇਹ ਨੂੰ ਵਰਤ ਆਖੇਂਗਾ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ?6. ਜਿਹੜਾ ਵਰਤ ਮੈਂ ਚੁਣਿਆ ਕੀ ਏਹ ਨਹੀਂ ਹੈ, ਭਈ ਤੁਸੀਂ ਬਦੀ ਦੇ ਬੰਧਨਾ ਨੂੰ ਖੋਲ੍ਹੋ, ਅਤੇ ਜੂਲੇ ਦੇ ਬੰਦਾਂ ਨੂੰ ਤੋੜੋ? ਦਬੈਲਾਂ ਨੂੰ ਛੁਡਾਓ ਅਰ ਹਰ ਜੂਲੇ ਨੂੰ ਭੰਨ ਸੁੱਟੋ?7. ਕੀ ਏਹ ਨਹੀਂ ਭਈ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ ਘਰੇ ਮਸਕੀਨਾਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਨੰਗੇ ਨੂੰ ਵੇਖੋ ਤਾਂ ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?8. ਫੇਰ ਤੇਰਾ ਚਾਨਣ ਫ਼ਜਰ ਵਾਂਙੁ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਉੱਘੜ ਪਵੇਗੀ। ਤੇਰਾ ਧਰਮ ਤੇਰੇ ਅੱਗੇ ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖਾ ਹੋਵੇਗਾ।9. ਤਦ ਤੂੰ ਪੁਕਾਰੇਂਗਾ ਅਤੇ ਯਹੋਵਾਹ ਉੱਤਰ ਦੇਵੇਗਾ, ਤਦ ਤੂੰ ਦੁਹਾਈ ਦੇਵੇਂਗਾ ਅਤੇ ਉਹ ਆਖੇਗਾ, ਮੈਂ ਹੈਗਾ। ਜੇ ਤੂੰ ਆਪਣੇ ਵਿਚਕਾਰੋਂ ਜੂਲਾ ਦੂਰ ਕਰੇਂ, ਨਾਲੇ ਉਂਗਲ ਦੀ ਸੈਨਤ ਅਤੇ ਦੁਰਬਚਨ ਨੂੰ,10. ਜੇ ਤੂੰ ਭੁੱਖੇ ਲਈ ਆਪਣੀ ਜਾਨ ਡੋਹਲੇਂ, ਅਤੇ ਮਸਕੀਨ ਦੀ ਜਾਨ ਨੂੰ ਰਜਾਵੇਂ, ਤਾਂ ਤੇਰਾ ਚਾਨਣ ਅੰਨ੍ਹੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਅਨ੍ਹੇਰੇ ਦੁਪਹਿਰ ਵਾਂਙੁ ਹੋਵੇਗਾ।11. ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਹਾਹ ਦਾ ਪਾਣੀ ਮੁੱਕਦਾ ਨਹੀਂ।12. ਤੇਰੇ ਵਿੱਚੋਂ ਦੇ ਪਰਾਚੀਨ ਥੇਹਾਂ ਨੂੰ ਉਸਾਰਨਗੇ, ਤੂੰ ਬਹੁਤੀਆਂ ਪੀੜ੍ਹੀਆਂ ਦੀਆਂ ਨੀਹਾਂ ਉਠਾਵੇਂਗਾ, ਅਤੇ ਤੂੰ \ਤੇੜ ਦਾ ਮਰੰਮਤ ਕਰਨ ਵਾਲਾ,\ \ਵਸੇਬਿਆਂ ਦੇ ਰਾਹਾਂ ਦਾ ਸੁਧਾਰਕ\ ਅਖਵਾਏਂਗਾ।।13. ਜੇ ਤੂੰ ਸਬਤ ਲਈ ਆਪਣੇ ਪੈਰ ਮੇਰੇ ਪਵਿੱਤ੍ਰ ਦਿਨ ਵਿੱਚ ਆਪਣੀ ਭਾਉਣੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਨੂੰ ਉੱਤਮ, ਅਤੇ ਯਹੋਵਾਹ ਦਾ ਪਵਿੱਤ੍ਰ ਦਿਨ ਆਦਰਵੰਤ ਆਖੇਂ, ਜੇ ਤੂੰ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਭਾਉਣੀ ਨੂੰ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ,14. ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਮੈਂ ਤੇਰੇ ਪਿਤਾ ਯਾਕੂਬ ਦਾ ਵਿਰਸਾ ਤੈਨੂੰ ਖਵਾਵਾਂਗਾ, ਕਿਉਂ ਜੋ ਏਹ ਯਹੋਵਾਹ ਦਾ ਮੁਖ ਵਾਕ ਹੈ।।ਜ਼ਬੂਰ 114:1-81. ਜਦ ਇਸਰਾਏਲ ਮਿਸਰ ਵਿੱਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ,2. ਤਾਂ ਯਹੂਦਾਹ ਉਹ ਦਾ ਪਵਿੱਤਰ ਅਸਥਾਨ, ਇਸਰਾਏਲ ਉਹ ਦਾ ਰਾਜ ਹੋਇਆ।3. ਸਮੁੰਦਰ ਨੇ ਡਿੱਠਾ ਤੇ ਨੱਠਾ, ਯਰਦਨ ਉਲਟੀ ਵਗੀ!4. ਪਹਾੜ ਛੱਤਰਿਆਂ ਵਾਂਙੁ ਟੱਪਦੇ ਸਨ, ਪਹਾੜੀਆਂ ਲੇਲਿਆਂ ਵਾਂਙੁ।5. ਹੇ ਸਮੁੰਦਰ, ਤੈਨੂੰ ਕੀ ਹੋਇਆ ਭਈ ਤੂੰ ਨੱਠਦਾ ਹੈਂॽ ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂॽ6. ਹੇ ਪਹਾੜ੍ਹੋ, ਤੁਸੀਂ ਛੱਤਰਿਆਂ ਵਾਂਙੁ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਙੁ ਕਿਉਂ ਟੱਪਦੇ ਹੋॽ7. ਹੇ ਧਰਤੀ, ਪ੍ਰਭੁ ਦੇ ਹਜ਼ੂਰ, ਯਾਕੂਬ ਦੇ ਪਰਮੇਸ਼ੁਰ ਦੇ ਸਨਮੁਖ ਕੰਬ,8. ਜਿਹ ਨੇ ਚਟਾਨ ਨੂੰ ਪਾਣੀ ਦਾ ਛੰਭ, ਚਖਮਖ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ।।ਕਹਾਉਤਾਂ 26:22-2222. ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।ਅਫ਼ਸੀਆਂ 5:1-161. ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ2. ਅਤੇ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਭੇਟ ਅਤੇ ਬਲੀਦਾਨ ਕਰ ਕੇ ਧੂਪ ਦੀ ਸੁਗੰਧ ਲਈ ਦੇ ਦਿੱਤਾ3. ਪਰ ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ4. ਅਤੇ ਨਾ ਬੇਸ਼ਰਮੀ, ਨਾ ਮੂੜ੍ਹ ਬਚਨ ਅਥਵਾ ਠੱਠੇ ਬਾਜ਼ੀ ਜੋ ਅਜੋਗ ਹਨ ਧੰਨਵਾਦ ਹੋਇਆ ਕਰੇ5. ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕ ਜਾਣਦੇ ਹੋ ਭਈ ਕਿਸੇ ਹਰਾਮਕਾਰ ਯਾ ਭ੍ਰਿਸ਼ਟ ਯਾ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਕਾਰ ਨਹੀਂ6. ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਦਾ ਹੈ7. ਸੋ ਤੁਸੀਂ ਓਹਨਾਂ ਦੀ ਸਾਂਝੀ ਨਾ ਹੋਵੇ8. ਕਿਉਂ ਜੋ ਤੁਸੀਂ ਅੱਗੇ ਅਨ੍ਹੇਰਾ ਸਾਓ ਪਰ ਹੁਣ ਪ੍ਰਭੁ ਵਿੱਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁੱਤ੍ਰਾਂ ਵਾਂਙੁ ਚੱਲੋ9. ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ10. ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ11. ਅਤੇ ਅਨ੍ਹੇਰੇ ਦੇ ਅਫੱਲ ਕਾਰਜਾਂ ਵਿੱਚ ਸਾਂਝੀ ਨਾ ਹੋਵੇ ਪਰ ਉਨ੍ਹਾਂ ਨੂੰ ਨੰਗਿਆਂ ਕਰੋ12. ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਓਹਨਾਂ ਤੋਂ ਹੁੰਦੇ ਹਨ ਉਨ੍ਹਾਂ ਦੀ ਗੱਲ ਕੀਤੀਆਂ ਵੀ ਸ਼ਰਮ ਆਉਂਦੀ ਹੈ13. ਪਰ ਸਾਰੀਆਂ ਗੱਲਾਂ ਜਾਂ ਉਨ੍ਹਾਂ ਨੂੰ ਨੰਗਿਆਂ ਕਰ ਸੁੱਟੀਦਾ ਹੈ ਤਾਂ ਚਾਨਣ ਤੋਂ ਪਰਗਟ ਹੋ ਜਾਂਦੀਆਂ ਹਨ ਕਿਉਂ ਜੋ ਹਰੇਕ ਗੱਲ ਜੋ ਪਰਗਟ ਹੁੰਦੀ ਹੈ ਸੋ ਚਾਨਣ ਹੈ14. ਇਸ ਲਈ ਉਹ ਆਖਿਆ ਜਾਂਦਾ ਹੈ - ਹੇ ਸੌਣ ਵਾਲਿਆ, ਜਾਗ, ਅਤੇ ਮੁਰਦਿਆਂ ਵਿੱਚੋਂ ਜੀ ਉੱਠ! ਤਾਂ ਮਸੀਹ ਤੇਰੇ ਉੱਚੇ ਚਮਕੇਗਾ।।15. ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ16. ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ Punjabi Bible 2016 Copyright © 2016 by The Bible Society of India