ਇਕ ਸਾਲ ਵਿਚ ਬਾਈਬਲ
ਨਵੰਬਰ 8

1. ਯਹੋਵਾਹ ਦਾ ਬਚਨ ਮੇਰੇ ਕੋਲ ਇਹ ਆਖਣ ਲਈ ਆਇਆ
2. ਹੇ ਆਦਮੀ ਦੇ ਪੁੱਤ੍ਰ, ਪ੍ਰਭੁ ਯਹੋਵਾਹ ਇਸਰਾਏਲ ਦੀ ਭੂਮੀ ਨੂੰ ਐਉਂ ਫ਼ਰਮਾਉਂਦਾ ਹੈ, ਏਹ ਅੰਤ ਹੈ! ਦੇਸ ਦੇ ਚੌਹਾਂ ਖੂੰਜਿਆਂ ਉੱਤੇ ਅੰਤ ਆ ਪੁੱਜਾ ਹੈ
3. ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕ੍ਰੋਧ ਤੇਰੇ ਉੱਤੇ ਘੱਲਾਂਗਾ ਅਤੇ ਤੇਰੇ ਮਾਰਗਾਂ ਦੇ ਅਨੁਸਾਰ ਤੇਰਾ ਨਿਆਉਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ
4. ਮੇਰੀ ਅੱਖ ਤੇਰਾ ਲਿਹਾਜ਼ ਨਾ ਕਰੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ ਸਗੋਂ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਜੋ ਮੈਂ ਯਹੋਵਾਹ ਹਾਂ!।।
5. ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!
6. ਅੰਤ ਆ ਪੁੱਜਾ, ਹਾਂ, ਅੰਤ ਆ ਪੁੱਜਾ! ਅੰਤ ਤੇਰੇ ਉੱਤੇ ਜਾਗ ਉੱਠਿਆ! ਵੇਖ, ਉਹ ਆ ਪੁੱਜਿਆ
7. ਹੇ ਧਰਤੀ ਦੇ ਰਹਿਣ ਵਾਲੇ! ਤੇਰੀ ਵਾਰੀ ਆ ਗਈ! ਸਮਾ ਆ ਪੁੱਜਿਆ! ਰੌਲੇ ਦਾ ਦਿਹਾੜਾ ਨੇੜੇ ਆ ਗਿਆ, ਇਹ ਪਰਬਤਾਂ ਉੱਤੇ ਖੁਸ਼ੀ ਵਿੱਚ ਗਜਣ ਦਾ ਦਿਨ ਨਹੀਂ
8. ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਹਲਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ ਅਤੇ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਉਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ
9. ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ, ਨਾ ਮੈਂ ਤਰਸ ਖਾਵਾਂਗਾ, ਅਤੇ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ
10. ਵੇਖ, ਉਹ ਦਿਨ ਵੇਖ! ਉਹ ਆ ਪੁੱਜਿਆ ਹੈ, ਤੇਰੀ ਸ਼ਾਮਤ ਆ ਗਈ, ਛੜ ਵਿੱਚ ਕਲੀਆਂ ਨਿੱਕਲੀਆਂ, ਘੁਮੰਡ ਵਿੱਚ ਡੋਡੀਆਂ ਲਗੀਆਂ ਹਨ
11. ਜ਼ੁਲਮ ਵੱਧ ਕੇ ਦੁਸ਼ਟ ਪੁਣੇ ਲਈ ਛੜ ਬਣ ਗਿਆ। ਹੁਣ ਕੋਈ ਉਨ੍ਹਾਂ ਵਿੱਚੋਂ ਨਹੀਂ ਬਚੇਗਾ, ਨਾ ਉਨ੍ਹਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਨ੍ਹਾਂ ਦੇ ਧਨ ਵਿੱਚੋਂ ਕੁੱਝ ਬਚੇਗਾ ਅਤੇ ਨਾ ਉਨ੍ਹਾਂ ਵਿੱਚੋਂ ਕੋਈ ਬਜ਼ੁਰਗੀ ਹੋਵੇਗੀ
12. ਸਮਾ ਆ ਪੁੱਜਾ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ, ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਨ੍ਹਾਂ ਦੇ ਸਾਰੇ ਮਹਾਇਣ ਉੱਤੇ ਕਹਿਰ ਟੁੱਟਣ ਵਾਲਾ ਹੈ
13. ਕਿਉਂ ਜੋ ਵੇਚਣ ਵਾਲਾ ਵਿਕੀ ਹੋਈ ਵਸਤੂ ਤੀਕ ਫੇਰ ਨਹੀਂ ਮੁੜੇਗਾ, ਭਾਵੇਂ ਹਾਲਾਂ ਉਹ ਜੀਉਂਦਿਆਂ ਵਿੱਚ ਹੋਵੇ ਕਿਉਂ ਜੋ ਇਹ ਦਰਸ਼ਣ ਉਨ੍ਹਾਂ ਦੇ ਸਾਰੇ ਮਹਾਇਣ ਲਈ ਹੈ। ਇੱਕ ਵੀ ਨਾ ਪਰਤੇਗਾ ਅਤੇ ਨਾ ਕੋਈ ਔਗਣਾਂ ਦੇ ਕਾਰਨ ਆਪਣੀ ਸਤਿਆ ਨੂੰ ਤਕੜਾ ਰੱਖੇਗਾ।।
14. ਉਨ੍ਹਾਂ ਨੇ ਤੁਰ੍ਹੀ ਵਜਾਈ ਅਤੇ ਸਭ ਕੁਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ ਕਿਉਂ ਜੋ ਮੇਰਾ ਤੇਜ਼ ਕਹਿਰ ਉਨ੍ਹਾਂ ਦੇ ਸਾਰੇ ਮਹਾਇਣ ਉੱਤੇ ਹੈ
15. ਬਾਹਰ ਤਲਵਾਰ ਹੈ ਅਤੇ ਅੰਦਰ ਬਵਾ ਤੇ ਕਾਲ ਹਨ। ਜਿਹੜਾ ਖੇਤ ਵਿੱਚ ਹੈ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਵਿੱਚ ਹੈ ਕਾਲ ਤੇ ਬਵਾ ਉਹ ਨੂੰ ਹੜੱਪ ਕਰ ਲੈਣਗੇ
16. ਪਰ ਜਿਹੜੇ ਉਨ੍ਹਾਂ ਵਿੱਚੋਂ ਨੱਠ ਭੱਜ ਜਾਣਗੇ, ਓਹ ਬਚ ਜਾਣਗੇ, ਅਤੇ ਵਾਦੀਆਂ ਦੀਆਂ ਘੁੱਗੀਆਂ ਵਾਂਗਰ ਪਰਬਤਾਂ ਉੱਤੇ ਰਹਿਣਗੇ ਅਤੇ ਸਾਰੇ ਦੇ ਸਾਰੇ ਕੀਰਨੇ ਪਾਉਣਗੇ, ਹਰੇਕ ਆਪਣੇ ਔਗਣਾਂ ਦੇ ਕਾਰਨ
17. ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗਰ ਕਮਜ਼ੋਰ ਹੋ ਜਾਣਗੇ
18. ਓਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਹੌਲ ਉਨ੍ਹਾਂ ਉੱਤੇ ਛਾ ਜਾਏਗਾ ਅਤੇ ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਨ੍ਹਾਂ ਦੇ ਸਿਰ ਗੰਜੇ ਹੋ ਜਾਣਗੇ
19. ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ, ਯਹੋਵਾਹ ਦੇ ਕਹਿਰ ਵਾਲੇ ਦਿਨ ਉਨ੍ਹਾਂ ਦੀ ਚਾਂਦੀ ਅਤੇ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਨਹੀਂ ਛੁਡਾ ਸੱਕੇਗਾ। ਉਸ ਨਾਲ ਉਨ੍ਹਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ ਨਾ ਉਨ੍ਹਾਂ ਦੇ ਢਿੱਡ ਭਰਣਗੇ ਕਿਉਂ ਜੋ ਉਹ ਉਨ੍ਹਾਂ ਦਾ ਠੋਕਰ ਖਾਣ ਅਤੇ ਔਗਣ ਦਾ ਕਾਰਨ ਸੀ
20. ਅਤੇ ਉਨ੍ਹਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਨ੍ਹਾਂ ਨੇ ਓਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਏਸ ਲਈ ਮੈਂ ਉਸ ਨੂੰ ਉਨ੍ਹਾਂ ਦੇ ਲਈ ਅਸ਼ੁੱਧ ਵਸਤੂ ਵਾਂਗਰ ਕਰ ਦਿੱਤਾ
21. ਅਤੇ ਮੈਂ ਉਨ੍ਹਾਂ ਗਹਿਣਿਆਂ ਨੂੰ ਲੁੱਟਣ ਦੇ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਓਹ ਉਨ੍ਹਾਂ ਨੂੰ ਭ੍ਰਿਸ਼ਟ ਕਰਨਗੇ
22. ਅਤੇ ਮੈਂ ਆਪਣਾ ਮੂੰਹ ਉਨ੍ਹਾਂ ਵੱਲੋਂ ਫੇਰ ਲਵਾਂਗਾ ਅਤੇ ਓਹ ਮੇਰੇ ਗੁਪਤ ਅਸਥਾਨ ਨੂੰ ਭ੍ਰਿਸ਼ਟ ਕਰਨਗੇ ਅਤੇ ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭ੍ਰਿਸ਼ਟ ਕਰਨਗੇ
23. ਸੰਗਲ ਬਣਾ, ਏਸ ਲਈ ਕਿ ਦੇਸ ਲਹੂ ਦੀ ਹੱਤਿਆ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ
24. ਸੋ ਮੈਂ ਬੁਰੀਆਂ ਕੌਮਾਂ ਨੂੰ ਲਿਆਵਾਂਗਾ ਅਤੇ ਓਹ ਉਨ੍ਹਾਂ ਦੇ ਘਰਾਂ ਦੇ ਮਾਲਕ ਬਣਨਗੇ ਅਤੇ ਮੈਂ ਜ਼ੋਰਵਰਾਂ ਦਾ ਘੁਮੰਡ ਮਿਟਾ ਦਿਆਂਗਾ ਅਤੇ ਉਨ੍ਹਾਂ ਦੇ ਪਵਿੱਤ੍ਰ ਅਸਥਾਨ ਭ੍ਰਿਸ਼ਟ ਕੀਤੇ ਜਾਣਗੇ
25. ਤਬਾਹੀ ਆਉਂਦੀ ਹੈ ਅਤੇ ਓਹ ਸ਼ਾਂਤੀ ਨੂੰ ਲੱਭਣਗੇ, ਪਰ ਉਹ ਹੈ ਨਹੀਂ
26. ਬਿਪਤਾ ਤੇ ਬਿਪਤਾ ਅਤੇ ਅਵਾਈ ਤੇ ਅਵਾਈ ਆਉਂਦੀ ਹੈ। ਤਦ ਓਹ ਨਬੀ ਕੋਲੋਂ ਰੋਇਆ ਭਾਲਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ
27. ਪਾਤਸ਼ਾਹ ਸੋਗ ਕਰੇਗਾ ਸ਼ਜ਼ਾਦਾ ਵਿਰਾਨੀ ਪਹਿਨੇਗਾ ਅਤੇ ਪਰਜਾ ਦੇ ਹੱਥ ਕੱਬਣਗੇ। ਮੈਂ ਉਨ੍ਹਾਂ ਦੇ ਮਾਰਗਾਂ ਅਨੁਸਾਰ ਉਨ੍ਹਾਂ ਨਾਲ ਵਰਤਾਉ ਕਰਾਂਗਾ, ਅਤੇ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਨ੍ਹਾਂ ਦਾ ਨਿਆਉਂ ਕਰਾਂਗਾ ਤਾਂ ਜੋ ਓਹ ਜਾਣਨ ਕਿ ਮੈਂ ਯਹੋਵਾਹ ਹਾਂ।।
1. ਛੇਵੇਂ ਵਰ੍ਹੇ ਦੇ ਛੇਵੇਂ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸਾਂ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਮੂਹਰੇ ਬੈਠੇ ਸਨ ਕਿ ਉੱਥੇ ਪ੍ਰਭੁ ਯਹੋਵਾਹ ਦਾ ਹੱਥ ਮੇਰੇ ਉੱਤੇ ਪਿਆ
2. ਮੈਂ ਡਿੱਠਾ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿੱਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੀਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੀਕ ਚਾਨਣ ਦੀ ਚਮਕ ਦਿੱਸੀ ਜਿਹਦਾ ਰੰਗ ਸਿਕਲ ਕੀਤੇ ਹੋਏ ਪਿੱਤਲ ਵਰਗਾ ਸੀ
3. ਅਤੇ ਉਸ ਨੇ ਇੱਕ ਹੱਥ ਜਿਹਾ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਅਤੇ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਜਿੱਥੇ ਅਣਖ ਦੇਵੀ ਦੀ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ ਲੈ ਆਇਆ
4. ਅਤੇ ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਸੀ ਉਸ ਦਰਸ਼ਣ ਅਨੁਸਾਰ ਜੋ ਮੈਂ ਉਸ ਮਦਾਨ ਵਿੱਚ ਵੇਖਿਆ ਸੀ
5. ਤਦ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਆਪਣੀਆਂ ਅੱਖਾਂ ਉੱਤਰ ਵੱਲ ਚੁੱਕ। ਸੋ ਮੈਂ ਉੱਤਰ ਵੱਲ ਆਪਣੀਆਂ ਅੱਖੀਆਂ ਚੁੱਕੀਆਂ, ਤਾਂ ਵੇਖੋ, ਉੱਤਰ ਵੱਲ ਜਗਵੇਦੀ ਦੇ ਦਰਵੱਜੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ
6. ਅਤੇ ਉਸ ਨੇ ਮੈਨੂੰ ਕਿਹਾ, ਹੇ ਆਦਮੀ ਦੇ ਪੁੱਤ੍ਰ! ਤੂੰ ਉਨ੍ਹਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ ਵੱਡੇ ਘਿਣਾਉਣੇ ਕੰਮ ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ ਤਾਂ ਜੋ ਮੈਂ ਆਪਣੇ ਪਵਿੱਤ੍ਰ ਅਸਥਾਨ ਤੋਂ ਦੂਰ ਚੱਲਾ ਜਾਵਾਂ, ਪਰ ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ
7. ਤਦ ਉਹ ਮੈਨੂੰ ਵੇਹੜੇ ਦੇ ਦਰਵੱਜੇ ਤੇ ਲਿਆਇਆ, ਤਾਂ ਮੈਂ ਡਿੱਠਾ, ਅਤੇ ਵੇਖੋ ਕਿ ਕੰਧ ਦੇ ਵਿੱਚ ਇੱਕ ਛੇਕ ਹੈ
8. ਤਦ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੰਧ ਨੂੰ ਪੁੱਟ, ਅਤੇ ਜਦੋਂ ਮੈਂ ਕੰਧ ਨੂੰ ਪੁੱਟਿਆ ਤਾਂ ਵੇਖੋ ਇੱਕ ਦਰਵੱਜਾ ਸੀ
9. ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ, ਅਤੇ ਜਿਹੜੇ ਕਮੀਣੇ ਘਿਣਾਉਣੇ ਕੰਮ ਓਹ ਇੱਥੇ ਕਰਦੇ ਹਨ ਵੇਖ!
10. ਤਦੋਂ ਮੈਂ ਅੰਦਰ ਜਾਕੇ ਤੱਕਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ ਦੁਆਲੇ ਕੰਧ ਉੱਤੇ ਬਣੇ ਹੋਏ ਹਨ
11. ਅਤੇ ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਨ੍ਹਾਂ ਅੱਗੇ ਖਲੋਤੇ ਹਨ ਅਤੇ ਸ਼ਾਫ਼ਨ ਦਾ ਪੁੱਤ੍ਰ ਯਅਜ਼ਨਯਾਹ ਉਨ੍ਹਾਂ ਦੇ ਵਿਚਕਾਰ ਖਲੋਤਾ ਹੈ ਅਤੇ ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਬਖ਼ੂਰ ਦੀ ਸੁਗੰਧੀ ਦਾ ਬੱਦਲ ਉੱਠ ਰਿਹਾ ਹੈ
12. ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਅਨ੍ਹੇਰੇ ਵਿੱਚ ਅਰਥਾਤ ਆਪਣੀ ਆਪਣੀ ਚਿਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨॽ ਕਿਉਂ ਜੋ ਓਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ
13. ਅਤੇ ਉਸ ਨੇ ਮੈਨੂੰ ਇਹ ਵੀ ਕਿਹਾ, ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਜੋ ਓਹ ਕਰਦੇ ਹਨ ਵੇਖੇਂਗਾ।।
14. ਤਦ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਉੱਤਰੀ ਦਰਵੱਜੇ ਤੇ ਲੈ ਆਇਆ ਤਾਂ ਵੇਖੋ, ਉੱਥੇ ਤੀਵੀਆਂ ਬੈਠੀਆਂ ਤੰਮੂਜ਼ ਨੂੰ ਰੋ ਰਹੀਆਂ ਹਨ
15. ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਏਹ ਵੇਖਿਆ ਹੈॽ ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ
16. ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵੱਜੇ ਉੱਤੇ ਡੇਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲਗ ਭਗ ਪੰਜੀ ਮਨੁੱਖ ਸਨ, ਜਿਨ੍ਹਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਨ੍ਹਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ
17. ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਏਹ ਵੇਖਿਆ ਹੈॽ ਯਹੂਦਾਹ ਦੇ ਘਰਾਣੇ ਦੇ ਅੱਗੇ ਇੱਹ ਨਿੱਕੀ ਜਿਹੀ ਗੱਲ ਹੈ, ਕਿ ਓਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਨ੍ਹਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ,ਓਹ ਆਪਣੇ ਨੱਕ ਨਾਲ ਡਾਲੀ ਲਗਾਉਂਦੇ ਹਨ
18. ਸੋ ਮੈਂ ਵੀ ਕਹਿਰ ਨਾਲ ਵਰਤਾਂਗਾ, ਮੇਰੀ ਅੱਖ ਲਿਹਾਜ਼ ਨਾ ਕਰੇਗੀ ਅਤੇ ਮੈਂ ਕਦਾਚਿੱਤ ਤਰਸ ਨਾ ਕਰਾਂਗਾ, ਅਤੇ ਭਾਵੇਂ ਓਹ ਚੀਕ ਚੀਕ ਕੇ ਮੇਰੇ ਕੰਨਾਂ ਤੀਕ ਆਪਣੀ ਪੁਕਾਰ ਪੁਚਾਉਣ ਤਾਂ ਵੀ ਉਨ੍ਹਾਂ ਦੀ ਨਹੀਂ ਸੁਣਾਂਗਾ।।
1. ਆਪਣੇ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੰ ਉੱਤਰ ਦਿੱਤਾ।
2. ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ!
3. ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇॽ
4. ਸੂਰਮੇ ਦੇ ਤਿੱਖੇ ਬਾਣ, ਰਥਮੇ ਦੇ ਅੰਗਿਆਰੇ ਸਣੇ!
5. ਹਾਇ ਮੈਨੂੰ ਕਿ ਮੈਂ ਮਸ਼ਕ ਵਿੱਚ ਟਿਕਦਾ, ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ!
6. ਮੇਰੀ ਜਾਨ ਨੇ ਸੁਲ੍ਹਾ ਦੇ ਵੈਰੀ ਕੋਲ ਬਹੁਤ ਚਿਰ ਤੀਕ ਆਪਣੇ ਵਸੇਬਾ ਕੀਤਾ ਹੈ।
7. ਮੈਂ ਸੁਲ੍ਹਾਂ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ, ਓਹ ਲੜਾਈ ਚਾਹੁੰਦੇ ਹਨ!।।
15. ਗਰੀਬ ਰਈਅਤ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸ਼ੀਂਹ, ਅਤੇ ਫਿਰਦੇ ਰਿੱਛ ਵਰਗਾ ਹੈ।
1. ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਭਈ ਨਾ ਹੋਵੇ ਜੋ ਉਹ ਦੇ ਅਰਾਮ ਵਿੱਚ ਵੜਨ ਦਾ ਵਾਇਦਾ ਹੁੰਦਿਆ ਸੁੰਦਿਆਂ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਲੂਮ ਹੋਵੇ
2. ਕਿਉਂ ਜੋ ਸਾਨੂੰ ਖੁਸ਼ ਖਬਰੀ ਸੁਣਾਈ ਗਈ ਸੀ ਜਿਵੇਂ ਉਨ੍ਹਾਂ ਨੂੰ ਭੀ ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਇਸ ਕਰਕੇ ਜੋ ਏਹ ਸੁਣਨ ਵਾਲਿਆਂ ਦੇ ਵਿੱਚ ਨਿਹਚਾ ਦੇ ਨਾਲ ਨਾ ਰਚਿਆ
3. ਕਿਉਂ ਜੋ ਅਸੀਂ ਜਿਨ੍ਹਾਂ ਨਿਹਚਾ ਕੀਤੀ ਹੈ ਓਸ ਅਰਾਮ ਵਿੱਚ ਵੜਦੇ ਹਾਂ ਜਿੱਕੁਰ ਉਹ ਨੇ ਆਖਿਆ — ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂਹ ਖਾਧੀ, ਕਿ ਓਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!।। ਭਾਵੇਂ ਉਹ ਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ
4. ਉਹ ਨੇ ਤਾਂ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਹੈ ਭਈ ਪਰਮੇਸ਼ੁਰ ਨੇ ਆਪਣਿਆਂ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਅਰਾਮ ਕੀਤਾ
5. ਅਤੇ ਇਸ ਥਾਂ ਵਿੱਚ ਫੇਰ ਕਹਿੰਦਾ ਹੈ, - ਓਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ!।।
6. ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ ਖਬਰੀ ਸੁਣਾਈ ਗਈ ਸੀ ਓਹ ਅਣਆਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ
7. ਤਾਂ ਉਹ ਫੇਰ ਐਨੇ ਚਿਰ ਮਗਰੋਂ ਦਾਊਦ ਦੀ ਜ਼ਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਸ ਨੂੰ \ਅੱਜ ਦਾ ਦਿਨ\ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ, - ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ।।
8. ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹ ਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ
9. ਗੱਲ ਕਾਹਦੀ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ
10. ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ
11. ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ ਭਈ ਕੋਈ ਉਨ੍ਹਾਂ ਵਾਂਙੁ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ
12. ਕਿਉਂ ਜੋ ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ
13. ਅਤੇ ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।।
14. ਸੋ ਜਦੋਂ ਸਾਡਾ ਇੱਕ ਮਹਾਂ ਪਰਧਾਨ ਜਾਜਕ ਹੈ ਜਿਹੜਾ ਅਕਾਸ਼ਾਂ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ੁਰ ਦਾ ਪੁੱਤ੍ਰ ਯਿਸੂ ਤਾਂ ਆਓ, ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ
15. ਕਿਉਂ ਜੋ ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ
16. ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।।
Punjabi Bible 2016
Copyright © 2016 by The Bible Society of India