ਇਕ ਸਾਲ ਵਿਚ ਬਾਈਬਲ ਦਸੰਬਰ 9ਹੋਸ਼ੇਆ 9:1-171. ਹੇ ਇਸਰਾਏਲ, ਅਨੰਦ ਨਾ ਹੋ, ਉੱਮਤਾਂ ਵਾਂਙੁ ਖੁਸ਼ੀ ਨਾ ਮਨਾ! ਤੈਂ ਆਪਣਾ ਪਰਮੇਸ਼ੁਰ ਛੱਡ ਕੇ ਜ਼ਨਾਹ ਕੀਤਾ, ਅੰਨ ਦੇ ਹਰ ਇੱਕ ਪਿੜ ਉੱਤੇ ਤੈਂ ਆਪਣੀ ਖਰਚੀ ਨੂੰ ਪਿਆਰ ਕੀਤਾ ਹੈ!2. ਪਿੜ ਅਤੇ ਚੁਬੱਚਾ ਓਹਨਾਂ ਨੂੰ ਨਾ ਪਾਲੇਗਾ, ਅਤੇ ਨਵੀਂ ਮੈ ਉਸ ਤੋਂ ਥੁੜ ਜਾਵੇਗੀ।3. ਓਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ, ਪਰ ਅਫ਼ਰਾਈਮ ਮਿਸਰ ਨੂੰ ਮੁੜੇਗਾ, ਅਤੇ ਓਹ ਅੱਸ਼ੂਰ ਵਿੱਚ ਅੱਸ਼ੁਧ ਚੀਜ਼ਾਂ ਖਾਣਗੇ।4. ਓਹ ਯਹੋਵਾਹ ਲਈ ਮੈ ਨਾ ਡੋਹਲਣਗੇ, ਓਹ ਉਸ ਨੂੰ ਪਸੰਦ ਨਾ ਆਉਣਗੇ, ਓਹਨਾਂ ਦੇ ਚੜ੍ਹਾਵੇ ਓਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਙੁ ਹੋਣਗੇ, ਸਾਰੇ ਓਹ ਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਓਹਨਾਂ ਦੀ ਰੋਟੀ ਓਹਨਾਂ ਦੀ ਭੁੱਖ ਲਈ ਹੋਵੇਗੀ, ਉਹ ਯਹੋਵਾਹ ਦੇ ਭਵਨ ਵਿੱਚ ਨਾ ਆਵੇਗੀ।5. ਤੁਸੀਂ ਜੋੜ ਮੇਲੇ ਦੇ ਦਿਨ ਲਈ, ਅਤੇ ਯਹੋਵਾਹ ਦੇ ਪਰਬ ਦੇ ਦਿਨ ਲਈ ਕੀ ਕਰੋਗੇॽ6. ਵੇਖੋ ਤਾਂ, ਓਹ ਬਰਬਾਦੀ ਤੋਂ ਚੱਲੇ ਗਏ, ਪਰ ਮਿਸਰ ਓਹਨਾ ਨੂੰ ਇਕੱਠਾ ਕਰੇਗਾ, ਮੋਫ਼ ਓਹਨਾਂ ਨੂੰ ਦਫਨ ਕਰੇਗਾ, ਓਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ, ਕੰਡੇ ਓਹਨਾਂ ਦੇ ਤੰਬੂਆਂ ਵਿੱਚ ਹੋਣਗੇ।।7. ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ, ਇਸਰਾਏਲ ਏਹ ਨੂੰ ਜਾਣੇਗਾ, ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ, ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ, ਤੇਰੀ ਦੁਸ਼ਮਨੀ ਦੇ ਵਾਧੇ ਦੇ ਕਾਰਨ।8. ਅਫ਼ਰਾਈਮ ਮੇਰੇ ਪਰਮੇਸ਼ੁਰ ਨਾਲ ਪਹਿਰੇਦਾਰ ਹੈ, ਹੁਣ ਰਿਹਾ ਨਬੀ, - ਉਹ ਦੇ ਸਾਰੇ ਰਾਹਾਂ ਉੱਤੇ ਚਿੜੀਮਾਰ ਦਾ ਜਾਲ ਹੈ, ਅਤੇ ਉਹ ਦੇ ਪਰਮੇਸ਼ੁਰ ਦੇ ਘਰ ਵਿੱਚ ਦੁਸ਼ਮਨੀ ਹੈ।9. ਓਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ, ਜਿਵੇਂ ਗਿਬਆਹ ਦੇ ਦਿਨਾਂ ਵਿੱਚ, ਓਹ ਓਹਨਾਂ ਦੀ ਬਦੀ ਨੂੰ ਚੇਤੇ ਕਰੇਗਾ, ਉਹ ਓਹਨਾਂ ਦੇ ਪਾਪਾਂ ਦੀ ਖਬਰ ਲਵੇਗਾ।।10. ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਙੁ ਪਾਇਆ, ਮੈਂ ਤੁਹਾਡੇ ਪਿਉ ਦਾਦਿਆਂ ਨੂੰ ਹਜ਼ੀਰ ਦੇ ਪਹਿਲੇ ਫਲ ਵਾਂਙੁ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ, ਓਹ ਬਆਲ-ਪਓਰ ਨੂੰ ਗਏ, ਅਤੇ ਓਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ, ਅਤੇ ਆਪਣੇ ਮਨ ਮੋਹਨੇ ਵਾਂਙੁ ਘਿਣਾਉਣੇ ਹੋ ਗਏ।11. ਅਫ਼ਰਾਈਮ ਦਾ ਪਰਤਾਪ ਪੰਛੀ ਵਾਂਙੁ ਉੱਡ ਜਾਵੇਗਾ,- ਨਾ ਜਣਨ, ਨਾ ਹਮਲ, ਨਾ ਗਰਭ!12. ਭਾਵੇਂ ਓਹ ਬੱਚੇ ਪਾਲਣ, ਮੈਂ ਓਹਨਾਂ ਨੂੰ ਔਂਤ੍ਰਾ ਕਰਾਂਗਾ ਐਥੋਂ ਤੀਕ ਕਿ ਕੋਈ ਆਦਮੀ ਨਾ ਰਹੇ, ਅਤੇ ਹਾਇ ਓਹਨਾਂ ਨੂੰ ਜਦ ਮੈਂ ਓਹਨਾਂ ਤੋਂ ਦੂਰ ਹੋ ਜਵਾਂਗਾ!13. ਅਫ਼ਰਾਈਮ, ਜਿਵੇਂ ਮੈਂ ਸੂਰ ਨੂੰ ਵੇਖਿਆ, ਚੰਗੇ ਥਾਂ ਲਾਇਆ ਗਿਆ ਹੈ, ਪਰ ਅਫ਼ਰਾਈਮ ਆਪਣੇ ਪੁੱਤ੍ਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ!14. ਹੇ ਯਹੋਵਾਹ, ਓਹਨਾਂ ਨੂੰ ਦੇਹ!- ਤੂੰ ਕੀ ਦੇਵੇਂਗਾ! ਓਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇਹ!।।15. ਓਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਓਹਨਾਂ ਨਾਲ ਘਿਣ ਕੀਤੀ, ਓਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਓਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ, ਮੈਂ ਓਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ, ਓਹਨਾਂ ਦੇ ਸਾਰੇ ਸਰਦਾਰ ਆਕੀ ਹਨ।16. ਅਫ਼ਰਾਈਮ ਮਾਰਿਆ ਗਿਆ, ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ, ਜੇ ਓਹ ਜਣਨ ਵੀ, ਮੈਂ ਓਹਨਾਂ ਦੇ ਢਿੱਡ ਦਿਆਂ ਲਾਡਲਿਆਂ ਨੂੰ ਮਾਰ ਦਿਆਂਗਾ।17. ਮੇਰਾ ਪਰਮੇਸ਼ੁਰ ਓਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਓਹ ਉਸ ਦੀ ਨਹੀਂ ਸੁਣਦੇ, ਅਤੇ ਓਹ ਕੌਮਾਂ ਵਿੱਚ ਅਵਾਰਾ ਫਿਰਨਗੇ।।ਹੋਸ਼ੇਆ 10:1-151. ਇਸਰਾਏਲ ਹਰੀ ਭਰੀ ਬੇਲ ਹੈ ਜੋ ਫਲ ਦਿੰਦੀ ਹੈ। ਜਿੰਨਾ ਉਹ ਦਾ ਫਲ ਵਧਿਆ, ਓਨੀਆਂ ਉਸ ਨੇ ਜਗਵੇਦੀਆਂ ਵਧਾਈਆਂ, ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ, ਤਿਵੇਂ ਓਹਨਾਂ ਨੇ ਥੰਮ੍ਹ ਚੰਗੇ ਬਣਾਏ।2. ਓਹ ਦੋ ਦਿਲੇ ਹਨ, ਹੁਣ ਓਹ ਦੋਸ਼ੀ ਠਹਿਰਨਗੇ, ਉਹ ਓਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ, ਉਹ ਓਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ।।3. ਹੁਣ ਓਹ ਤਾਂ ਆਖਣਗੇ, ਸਾਡਾ ਪਾਤਸ਼ਾਹ ਨਹੀਂ, ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ, - ਅਤੇ ਪਾਤਸ਼ਾਹ ਸਾਡੇ ਲਈ ਕੀ ਕਰੇਗਾॽ4. ਓਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ, ਓਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ, ਸੋ ਨਿਆਉਂ ਇੰਦਰਾਇਨ ਵਾਂਙੁ ਖੇਤ ਦੇ ਕਿਆਰਿਆਂ ਵਿੱਚ ਉੱਗ ਪੈਂਦਾ ਹੈ।।5. ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ, ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ, ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਹਨ, ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ।6. ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ, ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ, ਅਫ਼ਰਾਈਮ ਸ਼ਰਮ ਖਾਵੇਗਾ, ਅਤੇ ਇਸਰਾਏਲ ਆਪਣੇ ਮਤੇ ਤੋਂ ਸ਼ਰਮਿੰਦਾ ਹੋਵੇਗਾ।।7. ਸਾਮਰਿਯਾ ਦਾ ਰਾਜਾ ਇਉਂ ਕੱਟਿਆ ਜਾਵੇਗਾ, ਜਿਵੇਂ ਪਾਣੀ ਦੇ ਉੱਤੇ ਸੱਕ ਹੁੰਦੇ ਹਨ8. ਆਵਨ ਦੇ ਉੱਚੇ ਅਸਥਾਨ, ਇਸਰਾਏਲ ਦਾ ਪਾਪ, ਨਾਸ ਕੀਤੇ ਜਾਣਗੇ, ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ, ਓਹ ਪਹਾੜਾਂ ਨੂੰ ਆਖਣਗੇ, ਸਾਨੂੰ ਢਕ ਲਓ! ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ!।।9. ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ, ਓਹ ਉੱਥੇ ਹੀ ਲੱਗੇ ਰਹੇ,- ਭਲਾ, ਲੜਾਈ ਗਿਬਆਹ ਵਿੱਚ ਕੁਪੱਤੇ ਪੁੱਤ੍ਰਾਂ ਉੱਤੇ ਨਾ ਆ ਪਵੇਗੀॽ10. ਜਦ ਮੈਂ ਚਾਹਾਂ ਮੈਂ ਓਹਨਾਂ ਨੂੰ ਤਾੜਾਂਗਾ, ਅਤੇ ਉੱਮਤਾਂ ਓਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ, ਜਦ ਓਹ ਆਪਣੀਆਂ ਦੋ ਬੁਰਿਆਈਆਂ ਲਈ ਅਸੀਰ ਕੀਤੇ ਜਾਣਗੇ।11. ਅਫ਼ਰਾਈਮ ਸਿਖਾਈ ਹੋਈ ਵੱਛੀ ਹੈ, ਜਿਹੜੀ ਗਾਹ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹ ਦੀ ਸੋਹਣੀ ਧੋਣ ਦਾ ਸਰਫਾ ਕੀਤਾ, ਮੈਂ ਅਫ਼ਰਾਈਮ ਨੂੰ ਜੋਤਾਂਗਾ, ਯਹੂਦਾਹ ਹਲ ਵਾਹੇਗਾ, ਯਾਕੂਬ ਉਹ ਦੇ ਲਈ ਢੀਮਾ ਭੰਨੇਗਾ।12. ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ, ਏਹ ਯਹੋਵਾਹ ਦੇ ਭਾਲਣ ਦਾ ਵੇਲਾ ਹੈ, ਜਦ ਤੀਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਹਾਵੇ।।13. ਤੁਸਾਂ ਦੁਸ਼ਟਪੁਣੇ ਦੀ ਵਾਹੀ ਕੀਤੀ, ਤੁਸੀਂ ਬੁਰਿਆਈ ਵੱਢੀ, ਤੁਸਾਂ ਝੂਠ ਦਾ ਫਲ ਖਾਧਾ, ਕਿਉਂ ਜੋ ਤੈਂ ਆਪਣੇ ਰਾਹ ਉੱਤੇ, ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ ਕੀਤਾ।14. ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ, ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ, ਜਿਵੇਂ ਸ਼ਲਮਨ ਨੇ ਜੁੱਧ ਦੇ ਦਿਨ ਬੈਤ-ਅਰਬੇਲ ਨੂੰ ਬਰਬਾਦ ਕੀਤਾ, ਮਾਂ ਬੱਚਿਆਂ ਸਣੇ ਪਟਕਾਈ ਗਈ।15. ਇਉਂ ਬੈਤਏਲ ਤੁਹਾਡੀ ਡਾਢੀ ਬਦੀ ਦੇ ਕਾਰਨ ਤੁਹਾਡੇ ਨਾਲ ਕਰੇਗਾ, ਸਵੇਰ ਨੂੰ ਇਸਰਾਏਲ ਦਾ ਪਾਤਸ਼ਾਹ ਉੱਕਾ ਹੀ ਮਿਟਾਇਆ ਜਾਵੇਗਾ!।।ਜ਼ਬੂਰ 139:13-1613. ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ, ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ।14. ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!15. ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਂਵਾਂ ਵਿੱਚ ਮੇਰਾ ਕਸੀਦਾ ਕੱਢੀਦਾ ਸੀ।16. ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿੱਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ ।ਕਹਾਉਤਾਂ 29:21-2121. ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਉਸ ਦਾ ਵਾਰਿਸ ਬਣ ਬੈਠੇਗਾ।3 ਯੂਹੰਨਾ 1:1-141. ਲਿਖਤੁਮ ਕਲੀਸਿਯਾ ਦਾ ਬਜ਼ੁਰਗ, ਅੱਗੇ ਜੋਗ ਪਿਆਰੇ ਗਾਯੁਸ ਨੂੰ ਜਿਹ ਦੇ ਨਾਲ ਮੈਂ ਸੱਚੀਂ ਮੁੱਚੀਂ ਪ੍ਰੇਮ ਰੱਖਦਾ ਹਾਂ।।2. ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ ਤਿਵੇਂ ਤੂੰ ਸਭਨੀਂ ਗੱਲੀਂ ਸੁਖ ਸਾਂਦ ਨਾਲ ਅਤੇ ਨਰੋਆ ਰਹੇ3. ਮੈਂ ਡਾਢਾ ਅਨੰਦ ਹੋਇਆ ਜਦ ਕਦੇ ਭਰਾਵਾਂ ਨੇ ਆਣ ਕੇ ਤੇਰੀ ਸਚਿਆਈ ਦੀ ਸਾਖੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਭੀ ਹੈਂ4. ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।।5. ਪਿਆਰਿਆ, ਤੂੰ ਜੋ ਸੇਵਾ ਭਰਾਵਾਂ ਨਾਲ ਅਤੇ ਪਰਦੇਸੀਆਂ ਨਾਲ ਵੀ ਕਰਦਾ ਹੈਂ ਸੋ ਵਫ਼ਾਦਾਰੀ ਦਾ ਕੰਮ ਕਰਦਾ ਹੈਂ6. ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪ੍ਰੇਮ ਦੀ ਸਾਖੀ ਦਿੱਤੀ । ਜੇ ਤੂੰ ਓਹਨਾਂ ਨੂੰ ਅਗਾਹਾਂ ਪੁਚਾ ਦੇਵੇਂ ਜਿਸ ਤਰਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਜੋਗ ਹੈ ਤਾਂ ਚੰਗਾ ਕਰੇ7. ਕਿਉਂ ਜੋ ਓਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੌਮਾਂ ਤੋਂ ਕੁਝ ਨਹੀਂ ਲੈਂਦੇ8. ਇਸ ਲਈ ਸਾਨੂੰ ਚਾਹੀਦਾ ਹੈ ਜੋ ਇਹੋ ਜੇਹਿਆਂ ਦੀ ਆਗਤ ਭਾਗਤ ਕਰੀਏ ਭਈ ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਈਏ।।9. ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ ਸਾਨੂੰ ਨਹੀ ਮੰਨਦਾ10. ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਚਿਤਾਰਾਂਗਾ ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਬਕਦਾ ਹੈ, ਅਤੇ ਐਨੇ ਨਾਲ ਹੀ ਰਾਜੀ ਨਹੀਂ ਹੁੰਦਾ ਪਰ ਨਾ ਤਾਂ ਆਪ ਭਰਾਵਾਂ ਦਾ ਆਦਰ ਭਾਉ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਓਹਨਾਂ ਨੂੰ ਵਰਜਦਾ ਹੈ ਅਤੇ ਓਹਨਾਂ ਨੂੰ ਕਲੀਸਿਯਾ ਵਿੱਚੋਂ ਛੇਕ ਦਿੰਦਾ ਹੈ!11. ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ । ਜਿਹੜਾ ਬੁਰਾ ਕਰਦਾ ਹੈ ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ12. ਦੇਮੇਤ੍ਰਿਯੁਸ ਦੀ ਸਭਨਾਂ ਨੇ ਅਤੇ ਸਚਿਆਈ ਨੇ ਆਪ ਵੀ ਸਾਖੀ ਦਿੱਤੀ ਹੈ ਸਗੋਂ ਅਸੀਂ ਵੀ ਸਾਖੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈ ਭਈ ਸਾਡੀ ਸਾਖੀ ਸਤ ਹੈ।।13. ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁਝ ਸੀ ਪਰ ਮੈਂ ਨਹੀਂ ਚਾਹੁੰਦਾ ਭਈ ਸਿਆਹੀ ਅਤੇ ਲਿੱਖਣ ਨਾਲ ਤੈਨੂੰ ਲਿਖਾਂ14. ਪਰ ਮੈਨੂੰ ਆਸ ਹੈ ਭਈ ਤੈਨੂੰ ਝਬਦੇ ਮਿਲਾਂ । ਤਦ ਅਸੀਂ ਰੋਬਰੂ ਗੱਲਾਂ ਕਰਾਂਗੇ । ਤੈਨੂੰ ਸ਼ਾਤੀਂ ਪਰਾਪਤ ਹੋਵੇ । ਸਾਡੇ ਮਿੱਤ੍ਰ ਤੇਰੀ ਸੁਖ ਸਾਂਦ ਪੁੱਛਦੇ ਹਨ । ਤੂੰ ਸਾਡੇ ਮਿੱਤ੍ਰਾਂ ਨੂੰ ਨਾਉਂ ਲੈ ਲੈ ਕੇ ਸੁਖ ਸਾਂਦ ਆਖੀਂ।। Punjabi Bible 2016 Copyright © 2016 by The Bible Society of India