ਇਕ ਸਾਲ ਵਿਚ ਬਾਈਬਲ ਸਿਤੰਬਰ 7ਯਸਾਯਾਹ 5:1-301. ਮੈਂ ਆਪਣੇ ਬਾਲਮ ਲਈ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂ, - ਮੇਰੇ ਬਾਲਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ।2. ਉਹ ਨੇ ਉਸ ਨੂੰ ਗੁੱਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿੱਚਕਾਰ ਇੱਕ ਬੁਰਜ ਉਸਾਰਿਆ, ਨਾਲੇ ਉਸ ਵਿੱਚ ਇੱਕ ਚੁੱਬਚਾ ਪੁੱਟਿਆ, ਤਾਂ ਓਸ ਉਡੀਕਿਆ ਭਈ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ।3. ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫ਼ੈਸਲਾ ਕਰੋ।4. ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਲੱਗੇ?।।5. ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲੜਾਤੀ ਜਾਵੇਗੀ।6. ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ।।7. ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ। ਓਸ ਨਿਆਉਂ ਨੂੰ ਉਡੀਕਿਆ, ਅਤੇ ਵੇਖੋ, ਖ਼ੂਨ! ਧਰਮ ਨੂੰ, ਅਰ ਵੇਖੋ, ਦੁਹਾਈ!।।8. ਹਾਇ ਓਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ ਜਦ ਤੋੜੀ ਕੋਈ ਥਾਂ ਨਾ ਰਹੇ, ਅਤੇ ਤੁਹਾਨੂੰ ਦੇਸ ਵਿੱਚ ਅਕੱਲੇ ਵੱਸਣਾ ਪਵੇ!9. ਸੈਨਾਂ ਦਾ ਯਹੋਵਾਹ ਮੇਰੇ ਕੰਨਾਂ ਵਿੱਚ, - ਸੱਚ ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਤੇ ਚੰਗੇ ਓਹ ਬੇ ਚਰਾਗ ਹੋਣਗੇ,10. ਕਿਉਂ ਜੋ ਦਸ ਘੁਮਾਉਂ ਵਾੜੀ ਤੋਂ ਇੱਕ ਮਣ, ਅਤੇ ਬੀ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਹੋਵੇਗਾ।।11. ਹਾਇ ਓਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਭਈ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸੰਝ ਤਿੱਕੁਰ ਠਹਿਰਦੇ ਹਨ, ਭਈ ਮੱਧ ਓਹਨਾਂ ਨੂੰ ਮਸਤ ਕਰ ਦੇਵੇ!12. ਓਹਨਾਂ ਦੀਆਂ ਜ਼ਿਆਫ਼ਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਤੇ ਮਧ ਤਾਂ ਹਨ, ਪਰ ਓਹ ਯਹੋਵਾਹ ਦੇ ਕੰਮ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।।13. ਏਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਅਸੀਰੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤੇ ਨਾਲ ਕਾਲ ਮਰਦੇ ਹਨ, ਅਤੇ ਉਹ ਦੇ ਆਮ ਤਿਹਾ ਨਾਲ ਤੜਫ਼ਦੇ ਹਨ।14. ਏਸ ਲਈ ਪਤਾਲ ਨੇ ਆਪਣੀ ਹਿਰਸ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਉਹ ਦੇ ਬਜ਼ੁਰਗ ਤੇ ਉਹ ਦੇ ਆਮ, ਅਤੇ ਉਹ ਦਾ ਰੌਲਾ ਅਰ ਉਹ ਦਾ ਅਨੰਦੀ ਸਭ ਹੇਠਾਂ ਉਤਰਦੇ ਜਾਂਦੇ ਹਨ।15. ਆਦਮੀ ਨਿਵਾਇਆ ਜਾਂਦਾ ਹੈ, ਅਤੇ ਮਨੁੱਖ ਅੱਝਾ ਕੀਤਾ ਜਾਂਦਾ ਹੈ, ਅਤੇ ਹੰਕਾਰੀਆਂ ਦੀਆਂ ਅੱਖਾਂ ਅੱਝੀਆਂ ਕੀਤੀਆਂ ਜਾਂਦੀਆਂ ਹਨ,16. ਪਰ ਸੈਨਾ ਦਾ ਯਹੋਵਾਹ ਨਿਆਉਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤ੍ਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਵਿਖਾਉਂਦਾ ਹੈ।17. ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਥੇਹਾਂ ਵਿੱਚ ਪਰਦੇਸੀ ਮੋਟਿਆਂ ਨੂੰ ਖਾਣਗੇ।।18. ਹਾਇ ਓਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦਿਆਂ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਖੇਂਜਾਂ ਨਾਲ!19. ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਸ਼ਤਾਬੀ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ! ਇਸਰਾਏਲ ਦੇ ਪਵਿੱਤਰ ਪੁਰਖ ਦਾ ਪਰੋਜਨ ਨੇੜੇ ਆਵੇ ਭਈ ਅਸੀਂ ਉਹ ਨੂੰ ਜਾਣੀਏਂ!20. ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰੇ ਨੂੰ ਚਾਨਣ ਦੀ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!21. ਹਾਇ ਓਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੇ ਖਿਆਲ ਵਿੱਚ ਬਿਬੇਕੀ ਹਨ!22. ਹਾਇ ਓਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸ਼ੂਰ ਬੀਰ ਹਨ!23. ਜਿਹੜੇ ਦੁਸ਼ਟ ਨੂੰ ਵੱਢੀ ਖਾ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ!।।24. ਏਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾ ਲੰਬ ਵਿੱਚ ਮਿਟ ਜਾਂਦਾ ਹੈ, ਸੋ ਓਹਨਾਂ ਦੀ ਜੜ੍ਹ ਸੜ੍ਹਿਆਂਧ ਵਾਂਙੁ ਹੋ ਜਾਵੇਗੀ, ਅਤੇ ਓਹਨਾਂ ਦੀਆਂ ਕਲੀਆਂ ਧੂੜ ਵਾਂਙੁ ਉੱਡ ਜਾਣਗੀਆਂ, ਕਿਉਂ ਜੋ ਓਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦਿਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਤਾ।25. ਏਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਹ ਨੇ ਆਪਣਾ ਹੱਥ ਓਹਨਾਂ ਦੇ ਉੱਤੇ ਚੁੱਕਿਆ, ਅਤੇ ਓਹਨਾਂ ਨੂੰ ਮਾਰਿਆ, ਤਾਂ ਪਹਾੜ ਕੰਬ ਗਏ, ਅਤੇ ਓਹਨਾਂ ਦੀਆਂ ਲੋਥਾਂ ਕੂੜੇ ਵਾਂਙੁ ਗਲੀਆਂ ਵਿੱਚ ਸਨ, ਏਹ ਦੇ ਹੁੰਦਿਆਂ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਟਿਆ ਹੈ।।26. ਉਹ ਦੂਰ ਤੋਂ ਕੌਮਾਂ ਲਈ ਝੰਡਾ ਖੜਾ ਕਰੇਗਾ, ਅਤੇ ਇਕ ਲਈ ਧਰਤੀ ਦੀਆਂ ਹੱਦਾਂ ਤੋਂ ਫੂਕ ਮਾਰੇਗਾ, ਤਾਂ ਵੇਖੋ, ਉਹ ਤੁਰਤ ਫੁਰਤ ਆਉਂਦੀ ਹੈ।27. ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ।28. ਜਿਨ੍ਹਾਂ ਦੇ ਬਾਣ ਤਿਖੇ, ਤੇ ਜਿਨ੍ਹਾਂ ਦੇ ਸਾਰੇ ਧਣੁਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕ ਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ।29. ਉਨ੍ਹਾਂ ਦਾ ਗੱਜਣਾ ਸ਼ੇਰਨੀ ਵਾਂਙੁ, ਅਤੇ ਓਹ ਜੁਆਨ ਸ਼ੇਰ ਵਾਂਙੁ ਗੱਜਦੇ ਹਨ, ਓਹ ਘੂਰਦੇ ਹਨ ਅਤੇ ਸ਼ਿਕਾਰ ਫੜਦੇ ਹਨ, ਫੇਰ ਸੁਖਾਲਾ ਹੀ ਲੈ ਜਾਂਦੇ ਹਨ ਤੇ ਛੁਡਾਉਣ ਵਾਲਾ ਕੋਈ ਨਹੀਂ।30. ਓਸ ਦਿਨ ਓਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਙੁ ਘੂਰਨਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਵੇਖੋ, ਅਨ੍ਹੇਰੇ ਤੇ ਦੁਖ, ਅਤੇ ਚਾਨਣ ਉਹ ਦੇ ਬੱਦਲਾਂ ਨਾਲ ਅਨ੍ਹੇਰ ਹੋ ਜਾਂਦਾ ਹੈ।।ਯਸਾਯਾਹ 6:1-131. ਉੱਜ਼ੀਯਾਹ ਪਾਤਸ਼ਾਹ ਦੀ ਮੌਤ ਦੇ ਵਰ੍ਹੇ ਮੈਂ ਪਭੁ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤ੍ਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ2. ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ ਛੇ ਖੰਭ ਸਨ, ਉਹ ਦੋਂਹ ਨਾਲ ਆਪਣਾ ਮੂੰਹ ਢੱਕਦਾ ਸੀ, ਤੇ ਦੋਂਹ ਨਾਲ ਪੈਰ ਢੱਕਦਾ ਸੀ ਅਤੇ ਦੋਂਹ ਨਾਲ ਉੱਡਦਾ ਸੀ3. ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ, - \ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ, ਸੈਨਾ ਦਾ ਯਹੋਵਾਹ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।\4. ਅਤੇ ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏ ਨਾਲ ਭਰ ਗਿਆ।।5. ਤਦ ਮੈਂ ਆਖਿਆ, ਹਾਇ ਮੇਰੇ ਉੱਤੇ! ਮੈਂ ਤਾਂ ਬੱਸ ਹੋ ਗਿਆ! ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਅਧੀਰਾਜ ਨੂੰ ਡਿੱਠਾ ਹੈ!6. ਤਾਂ ਸਰਾਫ਼ੀਮ ਵਿੱਚੋਂ ਇੱਕ ਮੇਰੇ ਕੋਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ7. ਤਾਂ ਓਸ ਇਹ ਆਖ ਕੇ ਮੇਰੇ ਮੂੰਹ ਨੂੰ ਛੋਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੋਹਿਆ ਅਤੇ ਤੇਰੀ ਬਦੀ ਦੂਰ ਹੋਈ ਤੇ ਤੇਰਾ ਪਾਪ ਢੱਕਿਆ ਗਿਆ।।8. ਫੇਰ ਮੈਂ ਪ੍ਰਭੁ ਦੀ ਅਵਾਜ਼ ਇਹ ਕਹਿੰਦੀ ਸੁਣੀ, ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ? ਤਾਂ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਘੱਲੋ9. ਓਸ ਆਖਿਆ, ਜਾਹ ਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਤੇ ਵੇਖਦੇ ਰਹੋ ਪਰ ਬੁੱਝੋ ਨਾ,10. ਏਸ ਪਰਜਾ ਦਾ ਮਨ ਮੋਟਾ, ਤੇ ਏਸ ਦੇ ਕੰਨ ਭਾਰੇ ਕਰ ਦੇਹ, ਅਤੇ ਏਸ ਦੀਆਂ ਅੱਖਾਂ ਬੰਦ ਕਰ, ਮਤੇ ਓਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਤੇ ਚੰਗੇ ਹੋ ਜਾਣ।।11. ਤਾਂ ਮੈਂ ਆਖਿਆ, ਕਦੋਂ ਤੀਕ, ਹੇ ਪ੍ਰਭੁ? ਓਸ ਆਖਿਆ, ਜਦ ਤੀਕ ਸ਼ਹਿਰ ਵਿਰਾਨ ਤੇ ਬੇ ਆਬਾਦ ਨਾ ਹੋਣ, ਅਤੇ ਘਰ ਬੇ ਚਰਾਗ ਨਾ ਹੋਣ, ਅਤੇ ਜਮੀਨ ਉੱਕਾ ਈ ਉਜੜ ਨਾ ਜਾਵੇ।12. ਯਹੋਵਾਹ ਆਦਮੀਆਂ ਨੂੰ ਦੂਰ ਕਰ ਦੇਵੇਗਾ, ਅਤੇ ਦੇਸ ਦੇ ਵਿੱਚ ਛੱਡੇ ਹੋਏ ਅਸਥਾਨ ਬਹੁਤ ਹੋਣਗੇ।13. ਭਾਵੇਂ ਉਸ ਵਿੱਚ ਦਸਵਾਂ ਹਿੱਸਾ ਹੀ ਰਹੇ, ਉਹ ਮੁੜ ਭਸਮ ਹੋਵੇਗਾ, ਚੀਲ੍ਹ ਵਰਗਾ ਯਾ ਬਲੂਤ ਵਰਗਾ, ਅਤੇ ਜਦ ਓਹ ਵੱਢੇ ਜਾਣ, ਤਾਂ ਉਨ੍ਹਾਂ ਦਾ ਟੁੰਡ ਖੜਾ ਰਹਿੰਦਾ। ਪਵਿੱਤ੍ਰ ਵੰਸ ਉਹ ਦਾ ਟੁੰਡ ਹੈ।।ਜ਼ਬੂਰ 105:23-2623. ਇਸਰਾਏਲ ਮਿਸਰ ਵਿੱਚ ਗਿਆ, ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ।24. ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ।25. ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, ਭਈ ਓਹ ਉਹ ਦੀ ਪਰਜਾ ਤੋਂ ਘਿਣ ਕਰਨ ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ।।26. ਉਹ ਨੇ ਆਪਣੇ ਦਾਸ ਮੂਸਾ ਨੂੰ ਘੱਲਿਆ, ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ।ਕਹਾਉਤਾਂ 24:28-2928. ਆਪਣੇ ਗੁਆਂਢੀ ਦੇ ਵਿਰੁੱਧ ਨਹੱਕੀ ਗਵਾਹੀ ਨਾ ਦੇਹ, ਆਪਣਿਆਂ ਬੁੱਲ੍ਹਾਂ ਨਾਲ ਧੋਖਾ ਨਾ ਦੇਹ।29. ਇਹ ਨਾਂ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ, ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ।।1 ਕੁਰਿੰਥੀਆਂ 15:29-5829. ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਓਹ ਕੀ ਕਰਨਗੇ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਓਹ ਕਾਹਨੂੰ ਬਪਤਿਸਮਾ ਲੈਂਦੇ ਹਨ?30. ਅਸੀਂ ਭੀ ਹਰ ਘੜੀ ਜੋਖੋਂ ਵਿੱਚ ਕਿਉਂ ਪਏ ਰਹਿੰਦੇ ਹਾਂ?31. ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਭਮਾਨ ਮੈ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਕਰਦਾ ਹਾਂ ਉਹ ਦੀ ਸੌਂਹ ਹੈ ਜੋ ਮੈਂ ਹਰ ਰੋਜ ਮਰਦਾ ਹਾਂ32. ਜੇ ਆਦਮੀ ਵਾਂਙੂ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ \ਆਉ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ\33. ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ34. ਤੁਸੀਂ ਧਰਮ ਲਈ ਸੁਰਤ ਸਮ੍ਹਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹੈ।।35. ਪਰ ਕੋਈ ਆਖੇਗਾ ਭਈ ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ?36. ਨਦਾਨਾ, ਜੋ ਕੁੱਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ37. ਅਤੇ ਜਿਹੜਾ ਤੂੰ ਬੀਜਦਾ ਹੈਂ ਤੂੰ ਉਹ ਰੂਪ ਨਹੀਂ ਬੀਜਦਾ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਾਸੇ ਦਾ38. ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸਨੂੰ ਰੂਪ* ਦਿੰਦਾ ਹੈ ਅਤੇ ਹਰ ਪਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ*39. ਸੱਭੋ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਹੈ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ40. ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ ਪਰ ਸੁਰਗੀਆਂ ਦਾ ਪਰਤਾਪ ਹੋਰ ਹੈ ਅਤੇ ਜਮੀਨੀਆਂ ਦਾ ਹੋਰ ਹੈ41. ਸੂਰਜ ਦਾ ਪਰਤਾਪ ਹੋਰ ਹੈ ਅਤੇ ਚੰਦਰਮਾ ਦਾ ਪਰਤਾਪ ਹੋਰ ਅਤੇ ਤਾਰਿਆਂ ਦਾ ਪਰਤਾਪ ਹੋਰ ਹੈ ਕਿਉਂ ਜੋ ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ42. ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ43. ਉਹ ਬੇ ਪਤ ਬੀਜਿਆ ਜਾਂਦਾ ਹੈ ਪਰੰਤੂ ਪਰਤਾਪਵਾਨ ਜੀ ਉੱਠਦਾ ਹੈ ਉਹ ਨਿਰਮਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ44. ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋ ਕੇ ਜੀ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਭੀ ਹੈ45. ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾਂ ਮਨੁੱਖ ਆਦਮ ਜੀਉਂਦੀ ਜਾਨ ਹੋਇਆ, ਛੇਕੜਲਾ ਆਦਮ ਜੀਵਨ ਦਾਤਾ ਆਤਮਾ ਹੋਇਆ46. ਪਰ ਪਹਿਲਾ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਕ ਹੈ47. ਪਹਿਲਾ ਮਨੁੱਖ ਮਿੱਟੀ ਦਾ ਬਣਿਆ ਦੂਜਾ ਮਨੁੱਖ ਸੁਰਗੋਂ ਹੈ48. ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸੁਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸੁਰਗ ਦੇ ਹਨ49. ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸੁਰਗ ਵਾਲੇ ਦਾ ਵੀ ਸਰੂਪ ਧਾਰਾਂਗੇ।।50. ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸੱਕਦੇ, ਨਾ ਵਿਨਾਸ ਅਵਿਨਾਸ ਦਾ ਅਧਿਕਾਰੀ ਹੁੰਦਾ ਹੈ51. ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹੈ ਜੋ ਅਸੀਂ ਸੱਭੇ ਨਹੀਂ ਸੌਵਾਂਗੇ,52. ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ53. ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ54. ਪਰ ਜਾਂ ਇਹ ਨਾਸਵਾਨ ਅਵਿਨਾਸ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, - ਮੌਤ ਫਤਹ ਦੀ ਬੁਰਕੀ ਹੋ ਗਈ।55. ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?।।56. ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ57. ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ!58. ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵੱਧਦੇ ਜਾਉ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।। Punjabi Bible 2016 Copyright © 2016 by The Bible Society of India